Exodus 25

1ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ 2ਇਸਰਾਏਲੀਆਂ ਨੂੰ ਆਖ ਕਿ ਉਹ ਮੇਰੇ ਲਈ ਚੜ੍ਹਾਵਾ ਲਿਆਉਣ । ਹਰ ਇੱਕ ਮਨੁੱਖ ਤੋਂ ਜਿਹ ਦਾ ਮਨ ਉਹ ਨੂੰ ਪਰੇਰੇ ਤੁਸੀਂ ਮੇਰਾ ਚੜ੍ਹਾਵਾ ਲਿਓ ।

3ਇਹ ਉਹ ਚੜ੍ਹਾਵਾ ਹੈ ਜਿਹੜਾ ਤੁਸੀਂ ਉਨ੍ਹਾਂ ਤੋਂ ਲਿਓ ਅਰਥਾਤ ਸੋਨਾ ਚਾਂਦੀ ਪਿੱਤਲ 4ਨੀਲਾ, ਬੈਂਗਣੀ, ਕਿਰਮਚੀ ਰੰਗ ਅਤੇ ਮਹੀਨ ਕਤਾਨ ਅਤੇ ਪਸ਼ਮ 5ਅਤੇ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਤੇ ਬੱਕਰਿਆਂ ਦੀਆਂ ਖੱਲਾਂ ਅਤੇ ਸ਼ਿੱਟੀਮ ਦੀ ਲੱਕੜੀ 6ਅਤੇ ਦੀਵੇ ਦਾ ਤੇਲ ਅਤੇ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਦੀ ਧੂਪ ਦਾ ਮਸਾਲਾ 7ਸੁਲੇਮਾਨੀ ਪੱਥਰ ਅਤੇ ਏਫ਼ੋਦ ਵਿੱਚ ਅਤੇ ਸੀਨੇ ਬੰਦ ਵਿੱਚ ਜੜਨ ਲਈ ਨਗ ।

8ਅਤੇ ਉਹ ਮੇਰੇ ਲਈ ਇੱਕ ਪਵਿੱਤਰ ਸਥਾਨ ਬਣਾਉਣ ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸਾਂ । 9ਜਿਵੇਂ ਮੈਂ ਤੈਨੂੰ ਸਭ ਕੁੱਝ ਵਿਖਾਉਂਦਾ ਹਾਂ ਡੇਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਓਵੇਂ ਹੀ ਬਣਾਇਓ ।

10ਉਹ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ । 11ਤੂੰ ਉਸ ਉੱਤੇ ਕੁੰਦਨ ਸੋਨਾ ਮੜ੍ਹੀਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜ੍ਹੀਂ ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫ਼ੇਰੇ ਬਣਾਈਂ ।

12ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ਼ ਕੇ ਉਹ ਦਿਆਂ ਚੌਹਾਂ ਪਾਵਿਆਂ ਵਿੱਚ ਲਾਈਂ ਅਰਥਾਤ ਦੋ ਕੜੇ ਇੱਕ ਪਾਸੇ ਦੋ ਕੜੇ ਦੂਜੇ ਪਾਸੇ । 13ਨਾਲੇ ਤੂੰ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਂ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹੀਂ । 14ਤੂੰ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਵੀਂ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ ।

15ਚੋਬਾਂ ਸੰਦੂਕ ਦੇ ਕੜਿਆਂ ਵਿੱਚ ਰਹਿਣ ਅਤੇ ਉਹ ਉਨ੍ਹਾਂ ਵਿੱਚੋਂ ਕੱਢੀਆਂ ਨਾ ਜਾਣ । 16ਤੂੰ ਉਸ ਸੰਦੂਕ ਵਿੱਚ ਉਹ ਸਾਖ਼ੀ ਰੱਖੀਂ ਜਿਹੜੀ ਮੈਂ ਤੈਨੂੰ ਦੇਵਾਂਗਾ । 17ਤੂੰ ਪ੍ਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈਂ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੌੜਾਈ ਡੇਢ ਹੱਥ ਹੇਵੇ । 18ਤੂੰ ਸੋਨੇ ਦੇ ਦੋ ਕਰੂਬੀ ਬਣਾਈਂ । ਤੂੰ ਉਨ੍ਹਾਂ ਨੂੰ ਘੜਕੇ ਪ੍ਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਘੜਕੇ ਬਣਾਈਂ ।

19ਤੂੰ ਇੱਕ ਕਰੂਬੀ ਇੱਕ ਸਿਰੇ ਤੋਂ ਅਤੇ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈਂ । ਪ੍ਰਾਸਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਸਿਰਿਆਂ ਉੱਤੇ ਕਰੂਬੀਆਂ ਨੂੰ ਬਣਾਇਓ । 20ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਲਾਰੇ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਅਤੇ ਉਨ੍ਹਾਂ ਦੇ ਮੂੰਹ ਆਹਮੋ ਸਾਹਮਣੇ ਹੋਣ ਅਤੇ ਕਰੂਬੀਆਂ ਦੇ ਮੂੰਹ ਪ੍ਰਾਸਚਿਤ ਦੇ ਸਰਪੋਸ਼ ਵੱਲ ਹੋਣ । 21ਅਤੇ ਤੂੰ ਪ੍ਰਾਸਚਿਤ ਨੂੰ ਉਤਾਂਹ ਸੰਦੂਕ ਦੇ ਉੱਤੇ ਰੱਖੀਂ ਅਤੇ ਤੂੰ ਉਸ ਸਾਖ਼ੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ ।

22ਤਦ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪ੍ਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖ਼ੀ ਦੇ ਸੰਦੂਕ ਦੇ ਉੱਤੇ ਹਨ ਮੈਂ ਉਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ ।

23ਤੂੰ ਸ਼ਿੱਟੀਮ ਦੀ ਲੱਕੜੀ ਦਾ ਮੇਜ਼ ਬਣਾਈਂ । ਉਸ ਦੀ ਲੰਬਾਈ ਦੋ ਹੱਥ ਅਤੇ ਉਸ ਦੀ ਚੌੜਾਈ ਇੱਕ ਹੱਥ ਅਤੇ ਉਸ ਦੀ ਉਚਾਈ ਡੇਢ ਹੱਥ ਹੋਵੇ । 24ਤੂੰ ਉਸ ਨੂੰ ਕੁੰਦਨ ਸੋਨੇ ਨਾਲ ਮੜ੍ਹੀਂ ਅਤੇ ਉਸ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈਂ ।

25ਤੂੰ ਉਹ ਦੇ ਲਈ ਚੁਫ਼ੇਰੇ ਇੱਕ ਚੱਪਾ ਕਨਾਰੀ ਬਣਾਈਂ ਅਤੇ ਤੂੰ ਕਨਾਰੀ ਦੇ ਚੁਫ਼ੇਰੇ ਸੋਨੇ ਦੀ ਬਨੇਰੀ ਬਣਾਈਂ । 26ਤੂੰ ਉਹ ਦੇ ਲਈ ਸੋਨੇ ਦੇ ਚਾਰ ਕੜੇ ਬਣਾਈਂ ਅਤੇ ਤੂੰ ਉਨ੍ਹਾਂ ਕੜਿਆਂ ਨੂੰ ਉਹ ਦੇ ਚੌਹਾਂ ਖੂੰਜਿਆਂ ਉੱਤੇ ਜਿਹੜੇ ਉਸ ਦੇ ਚੌਹਾਂ ਪਾਵਿਆਂ ਉੱਤੇ ਹਨ ਪਾਈਂ । 27ਕਨਾਰੀ ਦੇ ਕੋਲ ਹੀ ਕੜੇ ਹੋਣ ਅਤੇ ਉਹ ਮੇਜ਼ ਚੁੱਕਣ ਨੂੰ ਚੋਬਾਂ ਦੇ ਲਈ ਥਾਂ ਹੋਣ ।

28ਤੂੰ ਉਹ ਚੋਬਾਂ ਸ਼ਿੱਟੀਮ ਦੀ ਲੱਕੜੀ ਦੀ ਬਣਾਈਂ । ਤੂੰ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਤਾਂ ਜੋ ਮੇਜ਼ ਉਨ੍ਹਾਂ ਨਾਲ ਚੁੱਕੀ ਜਾਵੇ । 29ਨਾਲੇ ਤੂੰ ਉਸ ਦੀਆਂ ਥਾਲੀਆਂ, ਚਮਚੇ, ਉਸ ਦੇ ਗੜਵੇ ਅਤੇ ਡੋਹਲਣ ਦੇ ਕਟੋਰੇ ਬਣਾਈਂ ਉਹ ਕੁੰਦਨ ਸੋਨੇ ਦੇ ਬਣਾਈਂ । 30ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਹਜ਼ੂਰੀ ਦੀਆਂ ਰੋਟੀਆਂ ਸਦਾ ਲਈ ਰੱਖਿਆ ਕਰੀਂ ।

31ਤੂੰ ਸ਼ਮਾਦਾਨ ਕੁੰਦਨ ਸੋਨੇ ਦਾ ਬਣਾਈਂ । ਉਹ ਸ਼ਮਾਦਾਨ ਘੜਕੇ ਬਣਾਇਆ ਜਾਵੇ । ਉਸ ਦਾ ਪਾਏਦਾਨ ਅਤੇ ਉਸ ਦਾ ਡੰਡਾ ਉਸ ਦੇ ਕਟੋਰੇ ਉਸਦੇ ਗੋਲੇ ਅਤੇ ਉਸ ਦੇ ਫੁੱਲ ਉਸ ਦੇ ਵਿੱਚੋਂ ਹੀ ਹੋਣ । 32ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿੱਕਲਣ । ਸ਼ਮਾਦਾਨ ਦੇ ਇੱਕ ਪਾਸਿਓਂ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ ਤਿੰਨ ਟਹਿਣੀਆਂ ।

33ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਤੇ ਇੱਕ ਫੁੱਲ ਅਤੇ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਤੇ ਇੱਕ ਫੁੱਲ ਅਤੇ ਇਸ ਤਰ੍ਹਾਂ ਹੀ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹੋਣ । 34ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਤੇ ਉਹ ਦੇ ਫੁੱਲ

35ਅਤੇ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਤੇ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਹੋਵੇ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹਨ ਹੋਵੇ । 36ਉਨ੍ਹਾਂ ਦੇ ਗੋਲੇ ਅਤੇ ਉਨ੍ਹਾਂ ਦੀਆਂ ਟਹਿਣੀਆਂ ਉਸ ਤੋਂ ਹੋਣ ਅਰਥਾਤ ਇਹ ਸਾਰਾ ਘੜਿਆ ਹੋਇਆ ਕੁੰਦਨ ਸੋਨੇ ਦੇ ਇੱਕ ਟੁੱਕੜੇ ਤੋਂ ਹੋਵੇ ।

37ਤੂੰ ਉਸ ਦੇ ਸੱਤ ਦੀਵੇ ਬਣਾਈਂ ਅਤੇ ਜਦ ਉਹ ਦੇ ਦੀਵੇ ਬਾਲੇ ਜਾਣ ਤਾਂ ਉਹ ਆਹਮੋ ਸਾਹਮਣੇ ਚਾਨਣ ਦੇਣ । 38ਉਸ ਦੇ ਗੁਲ ਤਰਾਸ਼ ਅਤੇ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਹੋਣ 39ਅਤੇ ਕੁੰਦਨ ਸੋਨੇ ਦੇ ਇੱਕ ਮਣ ਦੇ ਲਗ-ਭਗ ਤੋਂ ਇਹ ਅਤੇ ਇਹ ਸਾਰੇ ਭਾਂਡੇ ਬਣਾਏ ਜਾਣ । ਸੋ ਵੇਖ ਤੂੰ ਉਨ੍ਹਾਂ ਨੂੰ ਉਸੇ ਨਮੂਨੇ ਦੇ ਬਣਾਈਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਹੈ ।

40

Copyright information for PanULB